4 ਸਿਤੰਬਰ (ਆਸ਼ਾ ਸ਼ਰਮਾ)
'ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਬਿਆਨ ਕਰਦੀ ਬੇਹੱਦ ਰੌਚਕ ਫਿਲਮ 'ਮਸਤਾਨੇ' ਨੂੰ ਟੈਕਸ ਮੁਕਤ ਕਰਕੇ ਪੰਜਾਬ ਸਰਕਾਰ ਨੂੰ ਮਹਾਨ ਪੰਜਾਬੀ ਵਿਰਾਸਤ ਪ੍ਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।' ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫੈਡਰੇਸ਼ਨ ਮਹਿਤਾ ਦੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਨੰਢਾ ਨੇ ਇਕ ਵਿਸ਼ੇਸ਼ ਪ੍ਰੈਸ ਵਾਰਤਾ ਰਾਹੀਂ ਕੀਤਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਕ ਕਾਮੇਡੀ ਫਿਲਮ 'ਕੈਰੀ ਆੱਨ ਜੱਟਾ' ਨੂੰ ਵੀ ਟੈਕਸ ਮੁਕਤ ਕੀਤਾ ਸੀ। ਜੇਕਰ ਪੰਜਾਬ ਸਰਕਾਰ ਉਸ ਵਕਤ ਮਨੋਰੰਜਨ ਦੇ ਨਾਂ ਹੇਠ ਅਜਿਹਾ ਕਦਮ ਚੁੱਕ ਸਕਦੀ ਹੈ ਤਾਂ ਹੁਣ ਵੀ ਅਜਿਹਾ ਕਰਨ ਸੰਭਵ ਹੈ। 'ਮਸਤਾਨੇ ' ਮੂਵੀ ਨੇ ਦੁਨੀਆਂ ਭਰ ਵਿਚ ਪੰਜਾਬੀਆਂ ਅਤੇ ਸਿੱਖਾਂ ਦੁਆਰਾ ਵਿਦੇਸ਼ੀ ਧਾੜਵੀਆਂ ਦੇ ਖਿਲਾਫ ਵਿਖਾਏ ਕਾਰਨਾਮਿਆਂ ਨੂੰ ਬਾਖੂਬੀ ਬਿਆਨ ਕੀਤਾ ਹੈ। ਇਸ ਲਈ ਪੰਜਾਬੀ ਵਿਰਾਸਤ ਨਾਲ ਜੁੜੇ ਅਜਿਹੇ ਪ੍ਰਾਜੈਕਟਾਂ ਨੂੰ ਉਤਸ਼ਾਹਤ ਕਰਨਾ ਸਰਕਾਰ ਦਾ ਪਰਮ - ਕਰਤੱਵ ਬਣਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਚ ਹੋਰ ਪ੍ਰੋਡਿਊਸਰ ਤੇ ਅਦਾਕਾਰ ਵੀ ਇਸ ਪਾਸੇ ਕੰਮ ਕਰਨ ਪ੍ਰਤੀ ਉਤਸ਼ਾਹਿਤ ਹੋ ਸਕਣ।
ਇਸ ਮੌਕੇ ਉਹਨਾਂ ਨਾਲ ਫੈਡਰੇਸ਼ਨ ਆਗੂ ਸ• ਜਸਪਾਲ ਸਿੰਘ ਕੌਮੀ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਲਾਡਾ, ਜਸਬੀਰ ਸਿੰਘ ਤੇਗਾ ਸਿੰਘ ਵਾਲਾ, ਡਾ• ਗੁਰਮੀਤ ਸਿੰਘ, ਜਰਨੈਲ ਸਿੰਘ ਗਾਬੜੀਆ, ਅਮਰ ਸਿੰਘ ਗਾਬੜੀਆ, ਗੁਰਪ੍ਰੀਤ ਸਿੰਘ, ਡਾ• ਗੁਰਮੀਤ ਸਿੰਘ, ਜਗਤਾਰ ਸਿੰਘ, ਬਾਬਾ ਸੇਵਾ ਸਿੰਘ, ਹਜਾਰਾ ਸਿੰਘ, ਲਾਡਾ ਸਿੰਘ ਆਦਿਕ ਵੱਡੀ ਗਿਣਤੀ ਵਿੱਚ ਵਰਕਰ ਸਾਹਿਬਾਨ ਹਾਜਰ ਸਨ।
